ਬੀਬੀ ਭੋਲਾਂ ਰਾਣੀ

Humbly request you to share with all you know on the planet!

ਗੁਰੂ ਦੀਆਂ ਮਿਹਰਾਂ ਤੇ ਬਖਸ਼ਿਸ਼ਾਂ ਦਾ ਪਾਤਰ ਬਣੀਆਂ, ਕੁਝ ਖਾਸ ਵਡਭਾਗੀ ਆਤਮਾਵਾਂ ਨੇ ਮੈਨੂੰ ਇਹ ਪੁਸਤਕਾਂ ਲਿਖਣ ਦੀ ਪ੍ਰੇਰਨਾ ਦਿੱਤੀ ਹੈ। ਮੈਨੂੰ ਸਭ ਤੋਂ ਪਹਿਲਾਂ ਪ੍ਰੇਰਨਾ ਦੇਣ ਵਾਲੀ ਮੇਰੀ ਛੋਟੀ ਭੈਣ ਬੀਬੀ ਭੋਲਾਂ ਰਾਣੀ ਹੈ । ਮੇਰੇ ਦਿਲ ਵਿੱਚ ਇਹ ਕੀਮਤੀ ਸਹਿਯੋਗ ਅਤੇ ਪ੍ਰੇਰਨਾ ਦੇਣ ਲਈ ਉਸ ਪ੍ਰਤੀ ਸ਼ੁਕਰਾਨੇ ਦੀਆਂ ਪਵਿੱਤਰ ਭਾਵਨਾਵਾਂ ਹਨ । ਉਸ ਨੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਤੋਂ ਕੀਰਤਨ ਦੀ ਦਾਤ ਪ੍ਰਾਪਤ ਹੋਈ ਸੀ । ਬਾਬਾ ਜੀ ਨੇ ਉਸ ਨੂੰ ਕੀਰਤਨ ਸਿਖਾਉਂਣ ਦਾ ਯੋਗ ਪ੍ਰਬੰਧ ਕਰਨ ਵਾਸਤੇ ਮੇਰੇ ਪਿਤਾ ਜੀ ਨੂੰ ਆਦੇਸ਼ ਦਿੱਤਾ ਸੀ । ਇਸ ਵਾਸਤੇ ਸਮਾਧ ਭਾਈ ਕੇ ਰਾਗੀ ਜੱਥੇ ਦੇ ਧਾਰਮਿਕ ਅਤੇ ਪਵਿੱਤਰ ਰੂਹ ਵਾਲੇ ਭਾਈ ਆਤਮਾ ਸਿੰਘ ਜੀ ਦੀਆਂ ਸੇਵਾਵਾਂ ਲਈਆਂ ਗਈਆਂ ਸਨ। ਉਹ ਛੇਤੀ ਹੀ ਕੀਰਤਨ ਸਿਖ ਗਈ । ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਉਸਤੱਤ ਵਿੱਚ ਕੀਰਤਨ ਕਰਨ ਲਗ ਪਈ।

ਉਸ ਨੇ ਗਿਆਨੀ ਤੋਂ ਬਾਅਦ ਪੰਜਾਬੀ ਦੀ ਐਮ.ਏ. ਕੀਤੀ। ਉਹ ਗੁਰਬਾਣੀ ਅਤੇ ਮਹਾਨ ਗੁਰੂ ਸਾਹਿਬਾਨ ਦੇ ਜੀਵਨ ਦੀਆਂ ਪਵਿੱਤਰ ਘਟਨਾਵਾਂ ਦੀਆਂ ਰਮਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਸੀ ।

ਉਹ ਆਪਣੇ ਪੂਜਨੀਕ ਪਿਤਾ ਦੀ ਅਤੀ ਆਗਿਆਕਾਰ ਬੇਟੀ ਅਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੀ ਸਰਵੋਤਮ ਸ਼ਰਧਾਲੂ ਸੀ । ਉਸ ਨੇ ਪਿਤਾ ਜੀ ਦੇ ਚਰਨ ਚਿੰਨ੍ਹਾਂ ਤੇ ਚਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਾਤਾਰ ਸੇਵਾ ਅਤੇ ਪੂਜਾ ਕੀਤੀ। ਸਾਡੇ ਪਰਿਵਾਰ ਦੇ ਜੀਆਂ ਵਿੱਚੋਂ ਉਹ ਸਭ ਤੋਂ ਵੱਡੇ ਭਾਗਾਂ ਵਾਲੀ ਬੱਚੀ ਸੀ । ਉਸ ਦੇ ਖੁੱਲ੍ਹੇ ਚੌੜੇ ਮੱਥੇ ਉਤੇ ਸ੍ਰੀ ਗੁਰੂ ਨਾਨਕ ਸਾਹਿਬ, ਬਾਬਾ ਨੰਦ ਸਿੰਘ ਜੀ ਮਹਾਰਾਜ ਅਤੇ ਆਪਣੇ ਪੂਜਨੀਕ ਪਿਤਾ ਜੀ ਵਾਸਤੇ ਡੂੰਘੇ ਰੂਹਾਨੀ ਪ੍ਰੇਮ ਦਾ ਨੂਰ ਚਮਕਦਾ ਸੀ । ਜੋ ਕੋਈ ਵੀ ਉਸ ਨੂੰ ਮਿਲਦਾ ਸੀ, ਉਸ ਨੂੰ ਨਾਮ-ਅੰਮ੍ਰਿਤ ਦੀ ਕਮਾਈ ਕਰਨ ਦੀ ਪ੍ਰੇਰਨਾ ਮਿਲਦੀ ਸੀ ।

1942 ਵਿੱਚ ਮੈਂ ਕਾਲਿਜ ਵਿੱਚ ਪੜ੍ਹਦਾ ਸੀ ਅਤੇ ਮੇਰੀ ਇਹ ਭੈਣ ਸਕੂਲ ਵਿੱਚ ਪੜ੍ਹਦੀ ਸੀ । ਜਦੋਂ ਅਸੀਂ ਠਾਠ ਨੂੰ ਜਾਂਦੇ ਤਾਂ ਉਹ ਬਹੁਤ ਸ਼ਰਧਾ ਭਾਵਨਾ ਨਾਲ ਬਾਬਾ ਜੀ ਵਾਸਤੇ ਭੋਜਨ ਤਿਆਰ ਕਰ ਕੇ ਲਿਜਾਂਦੀ ਸੀ । ਇਹ ਭੋਜਨ ਅਸੀਂ ਬਾਬਾ ਈਸ਼ਰ ਸਿੰਘ ਜੀ ਨੂੰ ਪੇਸ਼ ਕਰਦੇ ਸੀ । ਉਸਦੀ ਅਪਾਰ ਸ਼ਰਧਾ ਭਾਵਨਾ ਵੇਖ ਕੇ ਮਿਹਰਬਾਨ ਬਾਬਾ ਜੀ ਉਸ ਦਾ ਅਤੇ ਸਾਡੇ ਪੂਜਯ ਮਾਤਾ ਜੀ ਦਾ ਤਿਆਰ ਕੀਤਾ ਭੋਜਨ ਪਰਵਾਨ ਕਰ ਲੈਂਦੇ ਸਨ । ਭਾਵੇਂ ਬਾਬਾ ਜੀ 1943 ਵਿੱਚ ਸਰੀਰਕ ਤੌਰ ਤੇ ਅਲੋਪ ਹੋ ਗਏ ਸਨ, ਪਰੰਤੂ ਉਹ ਉਸੇ ਸ਼ਰਧਾ ਅਤੇ ਨਿਸ਼ਚੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਤਿਗੁਰੂ ਨਾਨਕ ਸਾਹਿਬ ਅਤੇ ਬਾਬਾ ਜੀ ਦੀ ਨਿਰੰਤਰ ਸੇਵਾ ਕਰਦੀ ਰਹੀ । ਉਹ ਹਰ ਰੋਜ਼ ਪ੍ਰਸ਼ਾਦ ਤਿਆਰ ਕਰਦੀ ਸੀ। ਸਤਿਗੁਰੂ ਜੀ ਸਦਾ ਹੀ ਉਸ ਦੀ ਇਹ ਸੇਵਾ ਪਰਵਾਨ ਕਰਨ ਦੀ ਕਿਰਪਾ ਕਰਦੇ ਸਨ । ਉਸ ਨੇ ਬਾਬਾ ਜੀ ਨੂੰ ਕਦੇ ਵੀ ਭੁਲਾਇਆ ਨਹੀਂ ਸੀ ਅਤੇ ਨਾ ਹੀ ਬਾਬਾ ਜੀ ਨੇ ਉਸ ਨੂੰ ਵਿਸਾਰਿਆ ਸੀ । ਉਹ ਰੋਜ਼ਾਨਾ ਕੀਰਤਨ ਕਰਨ ਸਮੇਂ ਇਹ ਸ਼ਬਦ ਹਮੇਸ਼ਾ ਪੜ੍ਹਦੀ ਸੀ,

ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ।। ਸਿਮਰਿ ਸਿਮਰਿ ਤਿਸੁ ਸਦਾ ਸਮਾਲੇ।।
ਸ੍ਰੀ ਗੁਰੂ ਅਰਜਨ ਸਾਹਿਬ ਫੁਰਮਾਦੇ ਹਨ, ਗੁਰੂ ਜੀ ਮੇਰੇ ਅੰਦਰ ਵਸਦੇ ਹਨ, ਗੁਰੂ ਜੀ ਦੇ ਸਿਮਰਨ ਵਿੱਚ ਮੈਂ ਉਸ ਦੀ ਅਰਾਧਨਾ ਕਰਦਾ ਹਾਂ।

ਸਤਿਗੁਰੂ ਜੀ ਦੁਆਰਾ ਪ੍ਰਸ਼ਾਦ ਅਤੇ ਭੋਜਨ ਪਰਵਾਨ ਕਰਨ ਵਾਸਤੇ ਸ਼ਰਧਾਲੂ ਵਿੱਚ ਮਨ, ਦਿਲ, ਆਤਮਾ ਦੀ ਸ਼ੁਧੀ ਅਤੇ ਪ੍ਰੇਮ ਦੇ ਸਹਿਜ ਗੁਣ ਹੋਣੇ ਬਹੁਤ ਜਰੂਰੀ ਹਨ । ਉਹ ਇਹ ਸਾਰੀ ਸੇਵਾ ਸ਼ਰਧਾ ਨਿਸ਼ਚੇ ਅਤੇ ਨਿਮਰਤਾ ਦੀ ਇੰਨੀ ਆਲੌਕਿਕ ਭਾਵਨਾ ਨਾਲ ਕਰਦੀ ਸੀ ਕਿ ਇਸ ਨੂੰ ਸ਼ਬਦਾਂ ਵਿੱਚ ਨਹੀਂ ਦੱਸਿਆ ਜਾ ਸਕਦਾ ।

ਨਾਮ ਸਿਮਰਨ, ਗੁਰਬਾਣੀ ਪੜ੍ਹਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਜੀ ਸੇਵਾ ਕਰਨ ਤੋਂ ਇਲਾਵਾ ਕੀਰਤਨ ਕਰਨਾ ਉਸ ਦਾ ਪੱਕਾ ਨਿਤਨੇਮ ਸੀ । ਉਹ ਕਈ ਕਈ ਘੰਟੇ ਸੁਰਤ ਬਾਬਾ ਜੀ ਦੇ ਚਰਨਾਂ ਨਾਲ ਜੋੜ ਕੇ ਲਗਾਤਾਰ ਕੀਰਤਨ ਕਰਦੀ ਸੀ । ਉਹ ਭਾਵੁਕ ਮਨ ਨਾਲ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਕਰਦੀ ਸੀ । ਕਈ ਸ਼ੁਭ ਦਿਹਾੜਿਆਂ ਤੇ ਉਹ ਸੰਗਤਾਂ ਦੀ ਹਜ਼ੂਰੀ ਵਿੱਚ ਕੀਰਤਨ ਕਰਦੀ ਸੀ । ਜਦੋਂ ਉਹ ਗੁਰੂ ਚਰਨਾਂ ਦੇ ਪ੍ਰੇਮ ਦੀ ਮਸਤੀ ਵਿੱਚ ਕੀਰਤਨ ਕਰਦੀ ਸੀ ਤਾਂ ਸੰਗਤ ਵਿੱਚੋਂ ਬਹੁਤ ਸਾਰੇ ਸਤਿਸੰਗੀਆਂ ਨੂੰ ਸਤਿਗੁਰੂ ਨਾਨਕ ਸਾਹਿਬ ਦੀ ਪ੍ਰਤੱਖ ਹਜ਼ੂਰੀ ਦੇ ਦਰਸ਼ਨ ਪ੍ਰਾਪਤ ਹੁੰਦੇ ਸਨ । ਸਰੋਤੇ ਪਰਮ ਆਨੰਦ ਦੇ ਮੰਡਲ ਵਿੱਚ ਪਹੁੰਚ ਜਾਂਦੇ ਸਨ ।

ਜਿਵੇਂ ਬੱਚਾ ਦੁੱਖ ਵਿੱਚ ਆਪਣੀ ਮਾ ਨੂੰ ਯਾਦ ਕਰਦਾ ਹੈ ਅਤੇ ਮਾ ਆਪਣੇ ਬੱਚੇ ਵੱਲ ਭੱਜੀ ਆਉਂਦੀ ਹੈ, ਇਸੇ ਤਰ੍ਹਾਂ ਹੀ ਉਸ ਦੇ ਹਿਰਦੇ ਵਿੱਚੋਂ ਦਰਦਮਈ ਪੁਕਾਰ ਨਿਕਲਦੀ ਸੀ ਅਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਮਹਾਨ ਬਾਬਾ ਨੰਦ ਸਿੰਘ ਜੀ ਮਹਾਰਾਜ ਪ੍ਰੇਮ ਦੀ ਤਾਰ ਨਾਲ ਝੱਟ ਖਿੱਚੇ ਚਲੇ ਆਉਂਦੇ ਸਨ।

ਉਹ ਸਦਾ ਹੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਿਮਰਨ ਦੀ ਹੋਂਦ ਵਿੱਚ ਬੈਠੀ ਰਹਿੰਦੀ ਸੀ । ਉਸ ਨੂੰ ਪਰਿਵਾਰਕ ਜੀਵਨ ਦੇ ਦੁੱਖ-ਸੁੱਖ ਡੁਲਾਉਂਦੇ ਨਹੀਂ ਸਨ ।

ਉਸ ਨੂੰ ਆਪਣੇ ਮਹਾਨ ਵਿਰਸੇ ਵਿੱਚੋਂ ਪ੍ਰਾਪਤ ਪਰਮਾਤਮਾ ਰੂਪ ਪਿਤਾ ਜੀ ਕੋਲੋਂ ਰੱਬੀ-ਵੈਰਾਗ, ਬਿਰਹਾ, ਪ੍ਰੇਮ ਅਤੇ ਰੱਬੀ ਭਰੋਸੇ ਦੀ ਦਾਤ ਪ੍ਰਾਪਤ ਹੋਈ ਸੀ । ਉਸ ਦੇ ਪਰਮ ਪਿਆਰੇ ਪਿਤਾ ਜੀ ਨੇ ਕੇਵਲ ਆਪਣੀ ਸਭ ਤੋਂ ਪਿਆਰੀ ਬੇਟੀ ਬੀਬੀ ਭੋਲਾਂ ਰਾਣੀ ਨੂੰ ਹੀ ਆਪਣੇ ਸਰੀਰਕ ਚੋਲਾ ਤਿਆਗ ਜਾਣ ਬਾਰੇ ਸਹਿਜ-ਗਿਆਨ ਕਰਾਇਆ ਸੀ । ਪਿਤਾ ਜੀ ਨੇ ਉਸ ਨੂੰ ਇਸ ਸਰੀਰਕ ਵਿਛੋੜੇ ਦਾ ਤਕੜੇ ਹੋ ਕੇ ਭਾਣਾ ਮੰਨਣ ਬਾਰੇ ਪਹਿਲਾਂ ਹੀ ਸਮਝਾ ਦਿੱਤਾ ਸੀ ।

ਉਹ ਇਸ ਵਿਛੋੜੇ ਦੇ ਸੱਲ੍ਹ ਨੂੰ ਬਹੁਤ ਲੰਬਾ ਸਮਾਂ ਨਾ ਸਹਾਰ ਸਕੀ । ਉਸ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ । ਸ਼ੂਗਰ ਹੋਣ ਅਤੇ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਸਿਹਤ ਹੋਰ ਖਰਾਬ ਹੋ ਗਈ ਸੀ । ਪਿਤਾ ਜੀ ਨੇ ਉਸ ਨੂੰ ਦਰਸ਼ਨ ਦਿੱਤੇ ਅਤੇ ਵਿਸ਼ਵਾਸ ਦਿਵਾਇਆ ਕਿ “ਤੈਨੂੰ ਮਹਾਂ ਕਾਲ ਦੇ ਦਰਸ਼ਨ ਕਰਾ ਦਿੱਤੇ ਹਨ, ਹੁਣ ਕਾਲ ਤੇਰੇ ਨੇੜੇ ਨਹੀਂ ਆ ਸਕਦਾ ।” ਪਿਤਾ ਜੀ ਨੇ ਹੋਰ ਸਮਝਾਇਆ:-

(1) ਪਰਮ ਆਨੰਦ ਦੀ ਅਵਸਥਾ ਵਿੱਚ ਦੁਨੀਆਂਦਾਰੀ ਸਾਂਝਾਂ ਦਾ ਕੋਈ ਥਾਂ ਨਹੀਂ ਹੁੰਦਾ, ਸਰੀਰਕ ਪ੍ਰੇਮ ਅਤੇ ਸਾਂਝ ਬੰਧਨਕਾਰੀ ਹੁੰਦੀ ਹੈ। ਪਿਤਾ ਜੀ ਉਸ ਨੂੰ ਸਰੀਰਕ-ਚੇਤਨਾ ਤੋਂ ਉਪਰ ਲਿਜਾ ਕੇ ਗੁਰੂ-ਚੇਤਨਾ ਦੀ ਲਹਿਰ ਵਿੱਚ ਓਤਪ੍ਰੋਤ ਹੋਈ ਦੇਖਣਾ ਚਾਹੁੰਦੇ ਸਨ ।

(2) ਪਰਮਾਤਮਾ ਜਿਸ ਨੂੰ ਵਧੇਰੇ ਪ੍ਰੇਮ ਕਰਦਾ ਹੈ, ਉਸ ਨੂੰ ਦੁੱਖਾਂ ਵਿੱਚ ਵੀ ਪਾਉਂਦਾ ਹੈ । ਇਹ ਦੁੱਖ ਸਾਡੇ ਹਿਰਦੇ ਨੂੰ ਸ਼ੁਧ ਕਰਕੇ ਸਾਡੇ ਆਤਮਕ ਨਿਸ਼ਾਨੇ ਨੂੰ ਵਧੇਰੇ ਸਪਸ਼ਟ ਕਰਦੇ ਹਨ । ਦੁੱਖਾਂ ਵਿੱਚ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਨਾਲੋਂ ਵੱਡੀ ਹੋਰ ਕੋਈ ਆਤਮਕ ਪ੍ਰਾਪਤੀ ਨਹੀਂ ਹੈ ।

ਇਸ ਤਰ੍ਹਾਂ ਪਿਤਾ ਜੀ ਆਪਣੀ ਪਿਆਰੀ ਬੇਟੀ ਨੂੰ ਆਤਮਕ ਉਚਾਈਆਂ ਤੇ ਪਹੁੰਚਣ ਅਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਚਰਨ-ਕਮਲਾਂ ਨੂੰ ਪ੍ਰਾਪਤ ਹੋਣ ਵਿੱਚ ਅਗਵਾਈ ਦਿੰਦੇ ਰਹਿੰਦੇ ਸਨ ।