ਪਵਿੱਤਰ ਨਦਰ ਅਤੇ ਛੁਹ

Humbly request you to share with all you know on the planet!

ਇਕ ਵਾਰ ਬਾਬਾ ਜੀ ਪਿੰਡ ਜੰਡਵਾਲਾ ਦੇ ਬਾਹਰ ਇਕ ਸੁੱਕੇ ਪਿੱਪਲ ਹੇਠ ਆਸਣ ਲਾ ਕੇ ਬੈਠੇ ਹੋਏ ਸਨ । ਜੂਨ ਦਾ ਮਹੀਨਾ ਸੀ, ਮਾਲਾ ਸਿੰਘ ਨਾਂ ਦਾ ਇਕ ਬਜ਼ੁਰਗ ਹਰ ਰੋਜ਼ ਉਸੇ ਰਸਤੇ ਲੰਘਿਆ ਕਰਦਾ ਸੀ । ਇਕ ਵਾਰ ਉਸ ਨੇ ਬਾਬਾ ਜੀ ਨੂੰ ਅਰਜ਼ ਕੀਤੀ ਕਿ ਦਾਸ ਨੂੰ ਕੋਈ ਸੇਵਾ ਬਖਸ਼ੋ ਜੀ । ਬਾਬਾ ਜੀ ਨੇ ਉਸ ਦੀ ਬੇਨਤੀ ਸਵੀਕਾਰ ਕਰ ਲਈ ਤੇ ਉਹ ਹਰ ਰੋਜ਼ ਬਾਬਾ ਜੀ ਨੂੰ ਦੁੱਧ ਪਹੁੰਚਾਉਂਣ ਦੀ ਸੇਵਾ ਕਰਦਾ ਸੀ । ਇਸ ਪਿੰਡ ਦੀ ਜ਼ਮੀਨ ਰੇਤਲੀ ਹੋਣ ਕਾਰਨ ਦਿਨ ਵੇਲੇ ਕਹਿਰਾਂ ਦੀ ਤਪਸ਼ ਪੈਂਦੀ ਸੀ । ਮਾਲਾ ਸਿੰਘ ਨੂੰ ਪਤਾ ਸੀ ਕਿ ਬਾਬਾ ਜੀ ਜਦੋਂ ਦੇ ਆਏ ਹੋਏ ਹਨ, ਇਕੋ ਹੀ ਥਾਂ ਤੇ ਬੈਠੇ ਰਹਿੰਦੇ ਹਨ । ਉਹ ਰਹਿ ਨ ਸਕਿਆ ਤੇ ਇਕ ਦਿਨ ਉਸ ਨੇ ਬਾਬਾ ਜੀ ਤੋਂ ਪੁੱਛ ਹੀ ਲਿਆ ਕਿ ਆਪ ਬਿਨਾਂ ਛਾਂ ਦੇ ਇੰਨੀ ਗਰਮੀ ਕਿਵੇਂ ਸਹਾਰ ਲੈਂਦੇ ਹੋ। ਬਾਬਾ ਜੀ ਨੇ ਫੁਰਮਾਇਆ,

“ਮਾਲਾ ਸਿੰਘ ! ਸਾਡਾ ਗਰਮੀ ਸਰਦੀ ਨਾਲ ਕੋਈ ਸੰਬੰਧ ਨਹੀਂ, ਸਾਡਾ ਏਸ ਸਰੀਰ ਨਾਲ ਵੀ ਕੋਈ ਸੰਬੰਧ ਨਹੀਂ ।”

ਆਤਮ-ਰਸ ਵਿੱਚ ਲੀਨ ਪੂਰਨ ਸਤਿ ਪੁਰਖ, ਦੇਹ ਦੇ ਦੁੱਖਾਂ ਤੋਂ ਨਿਰਲੇਪ ਰਹਿੰਦੇ ਹਨ । ਉਨ੍ਹਾਂ ਲਈ ਗਰਮੀ-ਸਰਦੀ, ਦੁੱਖ-ਸੁੱਖ ਆਦਿ, ਇਕ ਸਮਾਨ ਹੁੰਦੇ ਹਨ । ਬਾਬਾ ਹਰਨਾਮ ਸਿੰਘ ਜੀ ਮਹਾਰਾਜ ਮਹਾਂਪੁਰਖ ਦੇ ਰੂਪ ਵਿੱਚ ਪਰਮਾਤਮਾ ਆਪ ਹੀ ਸਨ ।

ਸਾਧਾਰਨ ਵਿਅਕਤੀ ਅਜਿਹੀਆਂ ਅਧਿਆਤਮਕ ਰਮਜ਼ਾਂ ਨੂੰ ਨਹੀਂ ਸਮਝ ਸਕਦਾ ਸੀ । ਮਿਹਰਬਾਨ ਬਾਬਾ ਜੀ ਨੇ ਉਸ ਵਿਅਕਤੀ ਨੂੰ ਅਗਲੀ ਸਵੇਰ ਫਿਰ ਆਉਂਣ ਲਈ ਕਿਹਾ । ਉਹ ਅਗਲੇ ਦਿਨ ਹਾਜ਼ਰ ਹੋ ਗਿਆ, ਬਾਬਾ ਜੀ ਨੇ ਉਸ ਨੂੰ ਕੁਝ ਦੂਰੀ ਤੇ ਜਾ ਕੇ “ਵਾਹਿਗੁਰੂ” ਸ਼ਬਦ ਦਾ ਪਵਿੱਤਰ ਜਾਪ ਕਰਨ ਦਾ ਹੁਕਮ ਕੀਤਾ । ਇਹ ਵੀ ਆਦੇਸ਼ ਦਿਤਾ ਕਿ ਜਦੋਂ ਬੁਲਾਵਾਂਗੇ ਉਦੋਂ ਹੀ ਆਉਂਣਾ । ਮਾਲਾ ਸਿੰਘ ਉੱਥੇ ਬੈਠ ਕੇ ਪਵਿੱਤਰ ਨਾਮ ਦਾ ਜਾਪ ਕਰਨ ਲਗ ਪਿਆ ।

ਜਦੋਂ ਬਾਬਾ ਜੀ ਨੇ ਉਸ ਦਾ ਨਾਂ ਲੈ ਕੇ ਪੁਕਾਰਿਆਂ ਤਾਂ ਉਸ ਨੇ ਸਮਾਧੀ ਖੋਲ੍ਹੀ ਤਾਂ ਕੀ ਵੇਖਦਾ ਹੈ ਕਿ ਹੁਣ ਸ਼ਾਮ ਪੈ ਚੁੱਕੀ ਹੈ ।

ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਕਿਰਪਾ ਦਾ ਸਦਕਾ ਨਾਮ ਰਸ ਦਾ ਅੰਮ੍ਰਿਤ ਆਨੰੰਦ ਲੈ ਰਹੇ ਇਸ ਸਿੱਖ ਨੂੰ ਸਾਰਾ ਦਿਨ ਅਤਿ ਦੀ ਗਰਮੀ ਅਤੇ ਵਗਦੀ ਲੂ ਮਹਿਸੂਸ ਹੀ ਨਹੀਂ ਹੋਈ ।

ਬਾਬਾ ਜੀ ਦੇ ਬਚਨ ਸੁਣਨ ਜਾਂ ਉਨ੍ਹਾਂ ਦੇ ਦਰਸ਼ਨ ਕਰਨ ਨਾਲ ਨਾਮ-ਰਸ ਦੀ ਮਹਾਨ ਅਵਸਥਾ ਪ੍ਰਾਪਤ ਹੋ ਜਾਂਦੀ ਸੀ । ਆਤਮ-ਰਸ ਦੀ ਅਵਸਥਾ ਵਿੱਚ ਮਨੁੱਖ ਆਪਣੇ ਸਰੀਰ ਤੋਂ ਉੱਚਾ ਉੱਠ ਕੇ ਆਤਮਕ ਮੰਡਲ ਵਿੱਚ ਰਹਿੰਦਾ ਹੈ। ਮਹਾਂਪੁਰਖ ਆਪਣੀ ਦਿੱਬ-ਦ੍ਰਿਸ਼ਟੀ ਅਤੇ ਛੁਹ ਨਾਲ ਇਸ ਨਾਮ ਮਹਾਂ ਰਸ ਦੀ ਉੱਚੀ ਪਦਵੀ ਦੀ ਬਖਸ਼ਿਸ਼ ਜਿਸ ਉਪਰ ਕਰ ਦਿੰਦੇ ਸਨ ਉਸਦੀ ਅਵਸਥਾ ਵਿੱਚ ਇਹ ਤਬਦੀਲੀ ਉਸੇ ਵੇਲੇ ਆ ਜਾਂਦੀ ਸੀ । ਅਣਗਿਣਤ ਭਾਗਾਂ ਵਾਲੀਆਂ ਰੂਹਾਂ, ਦਿਆਲੂ ਅਤੇ ਦਇਆ ਦੇ ਸਾਗਰ ਬਾਬਾ ਜੀ ਕੋਲੋਂ ਇਸ ਦਾਤ ਨੂੰ ਪ੍ਰਾਪਤ ਕਰਕੇ ਚੜ੍ਹਦੀ ਕਲਾ ਦੀ ਅਵਸਥਾ ਨੂੰ ਪ੍ਰਾਪਤ ਹੋਈਆਂ ਹਨ।

ਉਨ੍ਹਾਂ ਦੇ ਬਚਨਾਂ ਅਤੇ ਛੁਹ ਵਿੱਚ ਏਨੀ ਸਮਰੱਥਾ ਅਤੇ ਬਰਕਤ ਸੀ ਕਿ ਮਨੁੱਖ ਵਿੱਚ ਅਧਿਆਤਮਕ ਚੇਤਨਾ ਪੈਦਾ ਹੋ ਜਾਂਦੀ ਤੇ ਉਸ ਦੀ ਆਤਮਾ ਸਰੀਰਕ ਬੰਧਨ ਤੋਂ ਮੁਕਤ ਹੋ ਜਾਂਦੀ ਸੀ ।