Resolves (Niyems ਨੇਮ) of Baba Nand Singh Ji Maharaj - 2

Humbly request you to share with all you know on the planet!

ਭਾਉ ਭਗਤਿ ਕਰਿ ਨੀਚੁ ਸਦਾਏ॥
ਤਉ ਨਾਨਕ ਮੋਖੰਤਰੁ ਪਾਏ॥

ਭਗਤ ਆਪਣੇ ਆਪ ਨੂੰ ਉੱਚਾ ਸਦਾਉਣ ਵਿੱਚ ਸਵਾਦ ਨਹੀਂ ਲੈਂਦਾ। ਉਸਨੂੰ ਸਵਾਦ ਆਪਣੇ ਆਪ ਨੂੰ ਨੀਵਾਂ ਕਹਾਉਣ ਦੇ ਵਿੱਚ ਆਉਂਦਾ ਹੈ।

ਬ੍ਰਹਮ ਗਿਆਨੀ ਸਗਲ ਕੀ ਰੀਨਾ॥
ਆਤਮ ਰਸੁ ਬ੍ਰਹਮ ਗਿਆਨੀ ਚੀਨਾ॥

ਜਿਹੜਾ ਅਸਲੀ ਪ੍ਰੇਮੀ ਹੁੰਦਾ ਹੈ ਉਹ ਤਾਂ ਆਪਣੇ ਪਿਆਰੇ ਪ੍ਰਭੂ ਦੇ ਰਚੇ ਹੋਏ ਸੰਸਾਰ ਦੀ ਅਤੇ ਆਪਣੇ ਮਾਲਕ ਦੇ ਕੁੱਤਿਆਂ ਦੇ ਚਰਨਾਂ ਦੀ ਵੀ ਧੂੜ ਬਣ ਜਾਂਦਾ ਹੈ। ਇਸ ਕਰਕੇ ਉਹ ਆਪਣੇ ਆਪ ਨੂੰ ਨੀਵਾਂ ਦਸਦਾ ਹੀ ਨਹੀਂ ਸਗੋਂ ਨੀਵਾਂ ਅਖਵਾਉਣ ਵਿੱਚ ਆਨੰਦ ਲੈਂਦਾ ਹੈ।

ਦੁਨਿਆਵੀ ਆਦਮੀ ਵਾਸਤੇ ਨਿੰਦਿਆ ਦੁਖਦਾਈ ਹੈ
ਅਤੇ ਸੰਤ ਵਾਸਤੇ ਵਰਦਾਨ ਹੈ।

ਇਕ ਕਮਲ ਦੇ ਫੁੱਲ ਦੀ ਜੜ੍ਹ ਚਿੱਕੜ ਵਿੱਚ ਹੁੰਦੀ ਹੈ ਅਤੇ ਡੰਡੀ ਗੰਦੇ ਜਲ ਵਿੱਚ ਹੁੰਦੀ ਹੈ ਪਰ ਕਮਲ ਆਪ ਉਸ ਚਿੱਕੜ ਅਤੇ ਜਲ ਤੋਂ ਨਿਰਲੇਪ ਹੁੰਦਾ ਹੈ। ਇਸ ਤਰ੍ਹਾਂ ਇਹ ਦੁਨੀਆਂ ਜੋ ਚਿੱਕੜ ਸਮਾਨ ਹੈ ਤੇ ਪਾਣੀ ਜੋ ਮਾਇਆ ਦਾ ਪਸਾਰਾ ਦੁਨੀਆਂ ਵਿੱਚ ਵਰਤ ਰਿਹਾ ਹੈ ਗੰਦੇ ਜਲ ਦੇ ਸਮਾਨ ਹੈ, ਬ੍ਰਹਮ ਗਿਆਨੀ ਇਨ੍ਹਾਂ ਦੋਨਾਂ ਤੋਂ ਨਿਰਲੇਪ ਹੈ।

ਇਹ ਨਿਯਮ ਆਦੇਸ਼ ਇਸ ਗੱਲ ਦਾ ਵੀ ਪ੍ਰਗਟਾਵਾ ਕਰਦੇ ਹਨ ਕਿ ਉਨ੍ਹਾਂ ਦਾ ਇਸ ਵਿੱਚ ਕੋਈ ਸਵਾਰਥ ਨਹੀਂ ਸੀ। ਉਹ ਆਪਣੇ ਨਾਮ ਅਤੇ ਆਪਣੀ ਪ੍ਰਸਿੱਧੀ ਤੋਂ ਬਹੁਤ ਦੂਰ ਸਨ। ਉਹ ਪੂਰਨ ਰੂਪ ਵਿੱਚ ਪਰਮਾਤਮਾ ਵਿੱਚ ਅਭੇਦ ਹੋ ਚੁੱਕੇ ਸਨ ਅਤੇ ਇਹ ਇਲਾਹੀ ਖੇਲ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚੋਲੇ ਵਿੱਚ ਪਰਮਾਤਮਾ ਆਪ ਖੇਲ ਰਿਹਾ ਸੀ।

ਉਹ ਕਿਸੇ ਕਿਸਮ ਦੇ ਲਗਾਉ ਤੇ ਸਵਾਰਥਪਣ ਮੇਰੀ, ਤੇਰੀ ਅਤੇ ਦੁਨਿਆਵੀ ਵਿਚਾਰਾਂ ਤੇ ਭਾਵਨਾਵਾਂ ਤੋਂ ਬਿਲਕੁਲ ਮੁਕਤ ਸਨ।

ਚਿਤ ਨ ਭਯੋ ਹਮਰੋ ਆਵਨ ਕਹ॥
ਚੁਭੀ ਰਹੀ ਸ੍ਰਤਿ ਪ੍ਰਭ ਚਰਨਨ ਮਹ॥

ਬਚਪਨ ਤੋਂ ਹੀ ਉਨ੍ਹਾਂ ਦਾ ਮਨ ਅਤੇ ਆਤਮਾ ਆਪਣੇ ਪਿਆਰੇ ਪ੍ਰਭੂ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਵਿੱਚ ਜੁੜਿਆ ਹੋਇਆ ਸੀ ਅਤੇ ਉਹ ਇਸ ਨਾਸ਼ਵਾਨ ਅਤੇ ਛਿਣ-ਭੰਗਰ ਸੰਸਾਰ ਤੋਂ ਅਲੱਗ ਸਨ। ਸਰਵ-ਸ੍ਰੇਸ਼ਟ ਇਲਾਹੀ ਆਨੰਦ ਵਿੱਚ ਲੀਨ ਉਹ ਪੂਰਨ ਤੌਰ ਤੇ ਪਰਮਾਤਮਾ ਵਿੱਚ ਅਭੇਦ ਹੋ ਚੁੱਕੇ ਸਨ।

ਹਰਿ ਮਨਿ ਤਨਿ ਵਸਿਆ ਸੋਈ॥
ਜੈ ਜੈ ਕਾਰੁ ਕਰੇ ਸਭੁ ਕੋਈ॥

ਅਜਿਹਾ ਸੁਭਾਗਸ਼ਾਲੀ ਮਨ ਅਤੇ ਆਤਮਾ ਪਰਮਾਤਮਾ ਦਾ ਪ੍ਰਤੀਬਿੰਬ ਬਣ ਜਾਂਦਾ ਹੈ। ਅਜਿਹਾ ਪਵਿੱਤਰ ਜੀਵ ਪਰਮਾਤਮਾ ਦਾ ਹੀ ਪ੍ਰਕਾਸ਼ ਹੁੰਦਾ ਹੈ। ਰੱਬੀ ਨਾਮ ਉਸਦੇ ਸ਼ਰੀਰ ਦੇ ਹਰੇਕ ਰੋਮ ਨੂੰ ਭਰਦਾ ਹੈ। ਉਹ ਪਰਮਾਤਮਾ ਦੇ ਸ਼ਰੀਰ ਦਾ ਇਕ ਹਿਸਾ ਬਣ ਜਾਂਦਾ ਹੈ। ਉਸਦੀ ਆਤਮ-ਸ਼ਕਤੀ ਬ੍ਰਹਿਮੰਡ ਦੀ ਜਾਂ ਪਰਮਾਤਮਾ ਦੀ ਇੱਛਾ ਦਾ ਅੰਗ ਬਣ ਜਾਂਦੀ ਹੈ।

ਇਲਾਹੀ ਪ੍ਰਕਾਸ਼ ਅਤੇ ਰੱਬੀ ਇੱਛਾ ਅਜਿਹੇ ਹੀ ਪਵਿੱਤਰ ਗੁਣਾਂ ਨਾਲ ਪ੍ਰਾਣੀ ਚਮਕਦਾ ਹੈ ਅਤੇ ਅਜਿਹੇ ਪਵਿੱਤਰ ਵਿਅਕਤੀ ਦੀ ਪਵਿੱਤਰ ਚਰਨ ਧੂੜ ਧਰਤੀ ਤੇ ਪੈਣ ਨਾਲ ਉਸਨੂੰ ਵੀ ਪਵਿੱਤਰ ਬਣਾ ਦਿੰਦੀ ਹੈ। ਉਹ ਧਰਤੀ ਉੱਤੇ ਪਰਮਾਤਮਾ ਦਾ ਪ੍ਰਤੱਖ ਸਰੂਪ ਹੁੰਦਾ ਹੈ। ਉਹ ਸੱਚਾ ਪ੍ਰਕਾਸ਼ਕ ਹੈ।

ਜਦੋਂ ਮਨ ਦੀ ਜਗ੍ਹਾ ਗੁਰੂ ਲੈ ਲੈਂਦਾ ਹੈ, ਮਨ ਜੋਤ ਸਰੂਪ ਹੋ ਜਾਂਦਾ ਹੈ ਤਾਂ ਆਤਮਾ ਪਰਮਾਤਮਾ ਬਣ ਜਾਂਦੀ ਹੈ।
ਪਵਿੱਤਰਤਾ ਅਤੇ ਅਪਵਿੱਤਰਤਾ ਦਾ ਸੁਮੇਲ ਨਹੀਂ ਹੋ ਸਕਦਾ।

ਇਕ ਪਵਿੱਤਰ ਮਨ ਜੋਤ ਸਰੂਪ ਹੁੰਦਾ ਹੈ। ਰੱਬੀ ਪ੍ਰੇਮ ਵਿੱਚ ਡੁਬਿਆ ਹੋਇਆ ਮਨ ਕਾਮਿਨੀ ਤੇ ਕੰਚਨ ਤੋਂ ਰਹਿਤ ਹੁੰਦਾ ਹੈ। ਇਕ ਪਵਿੱਤਰ ਮਨ ਇਲਾਹੀ-ਪ੍ਰਕਾਸ਼ ਨਾਲ ਭਰਿਆ ਹੁੰਦਾ ਹੈ। ਇਹ ਪੂਰਨ ਪਵਿੱਤਰ ਆਨੰਦ, ਵਿੱਚ ਹੁੰਦਾ ਹੈ। ਇਕ ਸੱਚਾ ਸੰਤ ਕਿਸੇ ਵੀ ਸੰਸਾਰਕ ਤ੍ਰਿਪਤੀ ਨਾਲ ਅਜਿਹੇ ਪਵਿੱਤਰ ਆਨੰਦ ਪਵਿੱਤਰ ਪ੍ਰਕਾਸ਼ ਨੂੰ ਮਲੀਨ ਨਹੀਂ ਕਰੇਗਾ। ਜਿਸ ਪ੍ਰਕਾਰ ਪ੍ਰਕਾਸ਼ ਅਤੇ ਹਨੇਰਾ ਇਕੱਠੇ ਨਹੀਂ ਰਹਿ ਸਕਦੇ ਇਸੇ ਤਰ੍ਹਾਂ ਰੱਬੀ-ਪ੍ਰੇਮ ਅਤੇ ਸੰਸਾਰੀ ਪ੍ਰੇਮ, ਗਿਆਨ ਅਤੇ ਅਗਿਆਨਤਾ ਇਕੱਠੇ ਨਹੀਂ ਰਹਿ ਸਕਦੇ। ਇਹੀ ਕਾਰਣ ਹੈ ਕਿ ਸੰਸਾਰਿਕਤਾ ਉਨ੍ਹਾਂ ਦੀ ਪਵਿੱਤਰ ਮਰਯਾਦਾ ਤੋਂ ਬਹੁਤ ਦੂਰ ਸੀ। ਉਨ੍ਹਾਂ ਨੇ ਕਦੀ ਵੀ ਸੰਸਾਰੀਪਨ ਦੀ ਗੱਲ ਨਹੀਂ ਸੀ ਕੀਤੀ ਅਤੇ ਨਾ ਹੀ ਕਿਸੇ ਨੂੰ ਆਪਣੀ ਉਪਸਥਿਤੀ ਵਿੱਚ ਅਥਵਾ ਠਹਿਰਣ ਦੇ ਸਥਾਨਾਂ ਤੇ ਅਜਿਹਾ ਕਰਨ ਦੀ ਆਗਿਆ ਦਿੱਤੀ ਸੀ।

ਇਕ ਵਾਰ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਮਹਾਂਪੁਰਸ਼ ਦੀ ਅਵਸਥਾ ਦਸਦੇ ਹੋਏ ਫੁਰਮਾਇਆ ਕਿ :

ਖੂਹ ਵਿੱਚ ਡੁੱਬੀ ਹੋਈ ਬਾਲਟੀ ਦੇ ਅੰਦਰ ਵੀ ਪਾਣੀ ਹੈ ਅਤੇ ਉਸਦੇ ਬਾਹਰ ਵੀ ਪਾਣੀ ਹੈ। ਪਾਣੀ ਦੇ ਸਿਵਾਏ ਹੋਰ ਕੁਝ ਨਹੀਂ ਹੈ। ਪਾਣੀ ਨਿਰੰਕਾਰ ਸਰੂਪ ਹੈ ਅਤੇ ਬਾਲਟੀ ਮਹਾਂਪੁਰਸ਼। ਵਿਲਕਦੀਆਂ, ਤੜਫਦੀਆਂ, ਵਿਛੜੀਆਂ ਰੂਹਾਂ ਅਪਣੀ ਮੁਕਤੀ, ਅਗਵਾਈ, ਬੰਦ ਖਲਾਸੀ ਦੀਆਂ ਪ੍ਰੇਮ ਭਰੀਆਂ ਬੇਨਤੀਆਂ, ਜੋਦੜੀਆਂ ਤੇ ਅਰਜੋਈਆਂ ਬਾਲਟੀ ਦੀ ਰੱਸੀ ਵਾਂਗ ਮਹਾਂਪੁਰਸ਼ ਨੂੰ ਨਿਰੰਕਾਰ ਵਿੱਚੋਂ ਖਿੱਚ ਕੇ ਮਾਤਲੋਕ ਵਿੱਚ ਲੈ ਆਉਂਦੀਆਂ ਹਨ।
ਮਹਾਂਪੁਰਸ਼ ਸੰਸਾਰ ਵਿੱਚ ਆ ਕੇ ਸੰਸਾਰ ਤੋਂ ਬਿਲਕੁਲ ਨਿਰਲੇਪ ਰਹਿੰਦੇ ਹਨ। ਨਿਰਲੇਪਤਾ ਨੂੰ ਸਮਝਾਉਂਦੇ ਹੋਏ ਅੱਗੇ ਫੁਰਮਾਇਆ ਕਿ ਮੱਛੀ ਪਾਣੀ ਵਿੱਚ ਰਹਿੰਦੀ ਹੈ। ਜਦੋਂ ਕਿਸੇ ਵੇਲੇ ਆਪਣਾ ਮੂੰਹ ਪਾਣੀ ਵਿੱਚੋਂ ਬਾਹਰ ਕੱਢਦੀ ਹੈ ਤਾਂ ਮੂੰਹ ਕੱਢਦੇ ਹੀ ਉਸਦਾ ਦਮ ਘੁੱਟਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਫੌਰਨ ਵਾਪਸ ਪਾਣੀ ਵਿੱਚ ਡੁਬਕੀ ਮਾਰ ਜਾਂਦੀ ਹੈ ਕਿਉਂਕਿ ਪਾਣੀ ਉਸਦੀ ਜ਼ਿੰਦਗੀ ਅਤੇ ਪ੍ਰਾਣਾਂ ਦਾ ਆਧਾਰ ਹੈ। ਪਾਣੀ ਨਾਲ ਹੀ ਉਸਦਾ ਨਿਰੋਲ ਪ੍ਰੇਮ ਹੈ। ਪਾਣੀ ਹੀ ਉਸਦਾ ਨਿਰੋਲ ਆਸਰਾ ਹੈ। ਇਸੇ ਤਰ੍ਹਾਂ ਹੀ ਮਹਾਂਪੁਰਸ਼ ਹਰ ਵੇਲੇ ਨਿਰੰਕਾਰ ਦੇ ਚਰਨਾਂ ਵਿੱਚ ਲੀਨ ਰਹਿੰਦਾ ਹੈ, ਉਹ ਭਗਤੀ ਵਿੱਚ ਲੀਨ ਰਹਿੰਦਾ ਹੈ ਜਿਹੜਾ ਉਸਦੇ ਪ੍ਰਾਣ ਅਤੇ ਆਧਾਰ ਹਨ। ਨਾਮ ਰਸ ਹੈ, ਮਹਾਂਪੁਰਸ਼ ਨਾਮ ਖੁਮਾਰੀ ਵਿੱਚ ਸਵਾਸ ਸਵਾਸ ਸਮਾਇਆ ਰਹਿੰਦਾ ਹੈ। ਜਿਸ ਵਕਤ ਵੀ ਕਿਸੇ ਸੰਸਾਰਿਕ ਕੰਮ ਜਾਂ ਲੋੜ ਦੀ ਖਾਤਰ ਉਹ ਉਸ ਲੀਨਤਾ, ਉਸ ਖੁਮਾਰੀ ਵਿੱਚੋਂ ਬਾਹਰ ਆਉਂਦਾ ਹੈ ਤਾਂ ਉਸਦਾ ਦਮ ਵੀ ਉਸ ਮੱਛੀ ਦੀ ਤਰ੍ਹਾਂ ਜਿਹੜੀ ਪਾਣੀ ਵਿੱਚੋਂ ਆਪਣਾ ਮੂੰਹ ਬਾਹਰ ਕੱਢਦੀ ਹੈ, ਘੁੱਟਣਾ ਸ਼ੁਰੂ ਹੋ ਜਾਂਦਾ ਹੈ ਤੇ ਇਕ ਦਮ ਫਿਰ ਉਹ ਉਸੇ ਨਾਮ ਦੇ ਨਸ਼ੇ-ਨਿਰੰਕਾਰ ਦੇ ਚਰਨਾਂ ਵਿੱਚ ਪਰਤ ਜਾਂਦਾ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਸਿਰੋ ਸੰਸਾਰ ਦਾ ਕਲਿਆਣ ਕਰਨ ਆਏ ਸਨ ਅਤੇ ਸੰਸਾਰ ਦੀ ਕਾਇਆਂ ਕਲਪ ਕਰਕੇ ਅਲੋਪ ਹੋ ਗਏ ਪਰ ਆਪ ਸੰਸਾਰ ਤੋਂ ਪੂਰੇ ਤੌਰ ਤੇ ਨਿਰਲੇਪ ਰਹੇ ਤੇ ਆਪਣੇ ਆਪ ਨੂੰ ਸੰਸਾਰੀਪਨ ਨੂੰ ਛੁਹਣ ਵੀ ਨਹੀਂ ਦਿੱਤਾ।
ਧੰਨ ਧੰਨ ਬਾਬਾ ਨੰਦ ਸਿੰਘ ਸਾਹਿਬ ਜੀ।

ਬਾਬਾ ਨੰਦ ਸਿੰਘ ਜੀ ਜਿਹਾ ਰਿਸ਼ੀ ਨਾ ਕੋਈ ਹੋਇਆ ਏ ਨਾ ਕੋਈ ਹੋਣਾ ਏ। ਮਹਾਨ ਬਾਬਾ ਜੀ ਦੇ ਪਵਿੱਤਰ ਨਿਵਾਸ ਅਸਥਾਨਾਂ ਉੱਤੇ ਅਜਿਹਾ ਦੁਨਿਆਵੀ ਵਿਚਾਰ ਨੇੜੇ ਨਹੀਂ ਆ ਸਕਦਾ ਸੀ। ਉਨ੍ਹਾਂ ਦੀ ਪਵਿੱਤਰ ਹਾਜ਼ਰੀ ਵਿੱਚ ਸਰਬ-ਵਿਆਪਕ ਇਲਾਹੀ-ਨਾਮ ਦਾ ਅਜਿਹਾ ਚਮਤਕਾਰੀ ਪ੍ਰਭਾਵ ਸੀ।

ਅੰਤ ਸਮੇਂ ਤਕ ਉਨ੍ਹਾਂ ਨੇ ਇਨ੍ਹਾਂ ਨਿਯਮਾਂ ਜਾਂ ਅਧਿਆਤਮਿਕ ਸਿਧਾਂਤਾਂ ਦੇ ਵਿੱਚ ਕੋਈ ਉਲੰਘਣਾ ਨਹੀਂ ਹੋਣ ਦਿੱਤੀ।

ਬਾਬਾ ਨੰਦ ਸਿੰਘ ਜੀ ਮਹਾਰਾਜ ਅਧਿਆਤਮਿਕ ਸ਼ਾਨ ਦੇ ਸਿਖ਼ਰ ਤੇ ਚਮਕਦੇ ਹਨ ਕਿਉਂਕਿ ਉਹ ਸਵਾਰਥੀ ਅਤੇ ਦੁਨਿਆਵੀ ਸੰਬੰਧਾਂ ਤੋਂ ਬਿਲਕੁਲ ਨਿਰਲੇਪ ਸਨ।