ਸਤਿਗੁਰੂ ਦੁਆਰਾ ਪਰਖ ਕਸੌਟੀ

Humbly request you to share with all you know on the planet!

ਸਤਿਗੁਰੂ ਦੁਆਰਾ ਪਰਖ ਕਸੌਟੀ

ਸਤਿਗੁਰੂ ਇਕ ਸਿੱਖ ਨੂੰ ਪਰਖ ਕਸਵਟੀ ਤੇ ਪਰਖਦਾ ਹੈ । ਉਹ ਕੇਵਲ ਇਕ ਇਲਾਹੀ-ਗੁਣ ਦੀ ਹੀ ਪਰਖ ਪੜਚੋਲ ਕਰਦੇ ਹਨ ਜੋ ਕਿ ਸਿਰਫ ਸੱਚਾ-ਪ੍ਰੇਮ ਹੈ।

ਪ੍ਰੇਮ (ਰੱਬੀ-ਪਿਆਰ) ਰੂਹਾਨੀਅਤ ਦਾ ਮੂਲ-ਤੱਤ ਹੈ।

ਪਿਆਰ ਦੇ ਧਰਮ ਵਿੱਚ, ਦਿਲ ਵਿੱਚ, ਸੱਚੇ ਪਿਆਰ ਦਾ ਵੇਗ ਅਥਵਾ ਸ਼ੁਧਤਾ ਹੀ ਸਭ ਕੁਝ ਹੈ । ਇਸ ਰੱਬੀ ਪ੍ਰੇਮ ਦੀ ਇਕ ਸੁਨਹਿਰੀ ਚਮਕਦੀ ਉਦਾਹਰਣ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਉਹ ਬੇਜੋੜ ਭਗਤੀ ਹੈ ਜਿਹੜੀ ਕਿ ਬਚਪਨ ਦੇ ਪੰਜਵੇਂ ਸਾਲ ਵਿੱਚ ਹੀ ਪ੍ਰਗਟ ਹੋ ਗਈ ਸੀ । ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਇਸ ਸਰਬਉਚ ਪ੍ਰੇਮ ਨੇ ਲੱਖਾਂ ਜੀਵਾਂ ਦਾ ਉਧਾਰ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਪੂਰਨ ਮਿਹਰ ਰਾਹੀਂ ਲੱਖਾਂ ਜੀਵਾਂ ਦਾ ਪਾਰ ਉਤਾਰਾ ਕਰਦੇ ਰਹਿਣਗੇ ।

“ਹਉਮੈ” ਸਾਡੇ ਸਰੀਰ ਦਾ ਅਟੁੱਟ ਹਿੱਸਾ ਹੈ । ਇਹ ਇਕ ਬਾਹਰੀ ਪੁਸ਼ਾਕ ਦੀ ਤਰ੍ਹਾਂ ਹੈ । ਸਤਿਗੁਰੂ ਦੀ ਦ੍ਰਿਸ਼ਟੀ ਵਿੱਚ ਇਸ ਦੀ ਕੋਈ ਕੀਮਤ ਨਹੀਂ ਹੈ । ਪਰਮਾਤਮਾ ਸਰੀਰਕ ਸੁੰਦਰਤਾ ਨੂੰ ਮਹੱਤਵ ਨਹੀਂ ਦਿੰਦਾ। ਭਗਵਾਨ ਰਾਮ ਭੀਲਣੀ ਦੀ ਸੱਚੀ ਪ੍ਰੇਮਾ-ਭਗਤੀ ਦੇ ਪਿਆਸੇ ਸਨ। ਭਾਵੇਂਂ ਉਹ ਦੇਖਣ ਵਿੱਚ ਬਦਸੂਰਤ ਸੀ ਫਿਰ ਵੀ ਉਸਦੇ ਜੂਠੇ ਬੇਰਾਂ ਲਈ ਵਿਆਕੁਲ ਸਨ ਕਿਉਂਕਿ ਉਨ੍ਹਾਂ ਨੇ ਸਿਰੋ ਪ੍ਰੇਮ ਦੀ ਹੀ ਪਰਖ ਕੀਤੀ ਸੀ। ਭੀਲਣੀ ਦੀ ਭਗਵਾਨ ਰਾਮ ਪ੍ਰਤੀ ਪ੍ਰੇਮ ਭਰੀ ਸ਼ਰਧਾ ਆਪਣੀ ਮਿਸਾਲ ਆਪ ਹੀ ਸੀ ।

ਇਕ ਸੱਚੇ ਇਲਾਹੀ ਪ੍ਰੇਮੀ ਰਾਹੀਂ ਸੱਚੇ ਪਿਆਰ ਦੀ ਸ਼ਕਤੀ ਪ੍ਰਜਵਲਤ ਹੁੰਦੀ ਹੈ ਜੋ ਕਿ ਸਦੀਵਤਾ ਦਾ ਅੰਮ੍ਰਿਤ ਹੈ । ਉਹ ਸੱਚੇ ਰੱਬੀ ਪਿਆਰ ਦੀ ਕੜੀ ਹੈ ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਤਿਕਾਰ ਯੋਗ ਭੈਣ, ਬੇਬੇ ਨਾਨਕੀ ਜੀ ਨੇ ਕਦੇ ਵੀ ਆਪਣੇ ਭਰਾ ਨੂੰ ਕੋਈ ਤਾਰ ਜਾਂ ਪੱਤਰ ਨਹੀਂ ਭੇਜਿਆ ਸੀ । ਸਭ ਤੋਂ ਪਿਆਰੇ ਅਤੇ ਪੂਜਣਯੋਗ ਗੁਰੂ ਨਾਨਕ ਸਾਹਿਬ ਜੀ ਲਈ ਇਕ ਪਿਆਰ ਭਰੀ ਯਾਦ ਹੀ ਇਕ ਦਮ ਪ੍ਰਤੀਕਿਰਿਆ ਲਈ ਬਹੁਤ ਸੀ। ਸੱਚਾ ਪਿਆਰ ਸਮੇਂ ਅਤੇ ਅਸਥਾਨ ਦੀਆਂ ਸਭ ਸੀਮਾਵਾਂ ਅਤੇ ਅੜਚਨਾਂ ਦੀਆਂ ਸਭ ਹੱਦਾਂ ਬੰਨੇ ਟਪ ਜਾਂਦਾ ਹੈ । ਸਤਿਗੁਰੂ ਰੱਬੀ ਪਿਆਰ ਬਖਸ਼ਣ ਵਾਲਾ ਸੱਚਾ ਦਾਤਾ ਹੈ । ਆਪਣੇ ਸੱਚੇ ਸ਼ਰਧਾਲੂਆਂ ਅਤੇ ਸਿੱਖਾਂ ਤੋਂ ਸੱਚਾ ਪਿਆਰ ਹੀ ਮੰਗਦਾ ਹੈ ।

ਆਪੇ ਲਾਇਓ ਅਪਨਾ ਪਿਆਰੁ ।। ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ ।।

ਪਰਮਾਤਮਾ ਅਤੇ ਗੁਰੂ, ਸਿਰੋ ਇਕ ਵਸਤੂ ਲਈ ਹੀ ਭੁੱਖ ਅਤੇ ਪਿਆਸ ਨਾਲ ਵਿਆਕੁਲ ਰਹਿੰਦੇ ਹਨ ਅਤੇ ਉਹ ਵਸਤੂ ਹੈ ਨਿਰੋਲ ਦੁਰਲੱਭ ਪ੍ਰੇਮ ।

ਗੋਬਿੰਦ ਭਾਉ ਭਗਤਿ ਦਾ ਭੁਖਾ ।।
ਭਾਈ ਗੁਰਦਾਸ ਜੀ

ਪਰਮਾਤਮਾ, ਮਹਾਨ ਗੁਰੂ, ਸੱਚੇ ਪਿਆਰ ਅਤੇ ਪਵਿੱਤਰਤਾ ਦੇ ਸਮੁੰਦਰ ਹਨ । ਉਹ ਇਕ ਸਰਬ-ਸ਼ਕਤੀਸ਼ਾਲੀ ਮਿਕਨਾਂਤੀਸ ਹਨ ਜੋ ਕਿ ਆਪਣੀ ਅਸੀਮਤ ਸ਼ਕਤੀ ਨਾਲ ਇਕ ਸੱਚੇ ਪ੍ਰਭੂ-ਪ੍ਰੇਮੀ ਨੂੰ ਆਪਣੇ ਵੱਲ ਖਿੱਚਦੇ ਹਨ ।

ਸੱਚੇ ਪਿਆਰ ਦੀ ਕੋਈ ਵੀ ਪਰਿਭਾਸ਼ਾ ਨਹੀਂ ਕੀਤੀ ਜਾ ਸਕਦੀ। ਇਸ ਨਿਰਾਲੇ ਅਨੁਭਵ ਨੂੰ ਕਿਸੇ ਵੀ ਕਿਸਮ ਦੇ ਸ਼ਬਦ ਪੂਰੀ ਤਰ੍ਹਾਂ ਚਿਤਰਤ ਨਹੀਂ ਕਰ ਸਕਦੇ । ਸੱਚਾ ਇਲਾਹੀ ਪਿਆਰ ਹਰ ਤਰ੍ਹਾਂ ਦੀਆਂ ਭਾਵਨਾਵਾਂ ਅਤੇ ਅਨੁਭਵਾਂ ਤੋਂ ਉੱਚਾ ਹੈ ।

ਪ੍ਰੇਮ ਰਸ ਇਕ ਦੁਰਲਭ ਰੱਬੀ ਅੰਮ੍ਰਿਤ ਹੈ ਅਤੇ ਇਹ ਇਕ ਸੁਭਾਗਸ਼ਾਲੀ ਆਤਮਾ ਦਾ ਦੁਰਲਭ ਵਿਸ਼ੇਸ਼ ਅਧਿਕਾਰ ਹੈ ।

ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ।।
ਦੁਰਜਨ ਮਾਰੇ ਵੈਰੀ ਸੰਘਾਰੇ
ਸਤਿਗੁਰਿ ਮੋ ਕਉ ਹਰਿ ਨਾਮ ਦਿਵਾਇਆ ।।੦।। ਰਹਾਉ ।।
ਪ੍ਰਥਮੇ ਤਿਆਗੀ ਹਉਮੈ ਪ੍ਰੀਤਿ ।।
ਦੁਤੀਆ ਤਿਆਗੀ ਲੋਗਾ ਰੀਤਿ ।।

ਦੁਨੀਆਂ ਦੇ ਲੋਕੋ ਸੁਣੋ ! ਮੈਂ ਪ੍ਰੇਮ-ਰਸ ਪ੍ਰਾਪਤ ਕਰ ਲਿਆ ਹੈ (ਰੂਹਾਨੀ ਪਿਆਰ ਦਾ ਅੰਮ੍ਰਿਤ) ਮੇਰੇ ਪੂਰਨ ਗੁਰੂ ਨੇ ਨਾਮ ਰੂਪੀ ਅੰਮ੍ਰਿਤ ਦੀ ਮੇਰੇ ਉੱਪਰ ਬਖਸ਼ਿਸ਼ ਕੀਤੀ ਹੈ। ਪੰਜ-ਦੁਸ਼ਮਨਾਂ ਨੂੰ ਖਤਮ ਕਰ ਦਿੱਤਾ ਹੈ । ਸਭ ਤੋਂ ਪਹਿਲਾਂ “ਮੈਂ” “ਹਉਮੈ” ਦੇ ਨਸ਼ੇ ਨੂੰ ਤਿਆਗ ਦਿੱਤਾ ਹੈ ਅਤੇ ਦੂਸਰਾ ਦੁਨਿਆਵੀ ਰਸਮੋਂ ਰਿਵਾਜਾਂ ਅਤੇ ਲੋਕ-ਰੀਤ ਨੂੰ ਤਿਆਗ ਦਿੱਤਾ ਹੈ ।

ਇਸ ਸਰਬ-ਸ੍ਰੇਸ਼ਟ ਪ੍ਰੇਮ-ਅੰਮ੍ਰਿਤ ਦੀ ਵਿਸ਼ੇਸ਼ਤਾ ਇਹ ਹੈ ਕਿ ਕਾਮ, ਕਰੋਧ, ਲੋਭ, ਮੋਹ, ਹੰਕਾਰ ਤੋਂ ਮੈਂ ਛੁਟਕਾਰਾ ਪਾ ਲਿਆ ਹੈ । “ਮੈਂ” “ਹਉਮੈ” ਤੋਂ ਪੂਰੀ ਤਰ੍ਹਾਂ ਮੁਕਤੀ ਪਾ ਲਈ ਹੈ ਅਤੇ ਬਾਕੀ ਸੰਸਾਰਕ ਤੌਰ ਤਰੀਕਿਆਂ ਨੂੰ ਵੀ ਤੱਜ ਦਿੱਤਾ ਹੈ । ਸੱਚੇ ਪਿਆਰ ਵਿੱਚ ਲੋਕ-ਲਾਜ ਅਤੇ ਸਵੈ-ਪਿਆਰ ਦੀ ਕੋਈ ਹੋਂਦ ਨਹੀਂ ਹੈ ।

ਪਿਆਰ ਦੀ ਪਵਿੱਤਰਤਾ ਵਿੱਚ “ਹਉਮੈਂ” ਖਤਮ ਹੋ ਗਈ ਹੈ । ਪ੍ਰੇਮ ਦੇ ਆਨੰਦ ਵਿੱਚ ਇਹ ਭਸਮ ਹੋ ਗਈ ਹੈ ।

ਜਿੰਨ੍ਹ੍ਹੀ ਚਾਖਿਆ ਪ੍ਰੇਮ ਰਸੁ
ਸੇ ਤ੍ਰਿਪਤਿ ਰਹੇ ਆਘਾਇ ।।

ਜਿਸ ਨੇ ਇਹ ਪ੍ਰੇਮ ਰਸ ਦਾ ਅੰਮ੍ਰਿਤ ਪੀ ਲਿਆ ਹੈ ਉਸਨੂੰ ਸੰਪੂਰਨ ਪ੍ਰਸੰਨਤਾ ਪ੍ਰਾਪਤ ਹੋ ਗਈ ਹੈ । ਉਸਨੇ ਰੂਹਾਨੀ ਸੰਪੂਰਨਤਾ ਅਤੇ ਰੂਹਾਨੀ ਤ੍ਰਿਪਤੀ ਦੀ ਚਰਮ-ਸੀਮਾਂ ਨੂੰ ਪ੍ਰਾਪਤ ਕਰ ਲਿਆ ਹੈ ।

ਪ੍ਰਭੂ ਪਿਆਰ ਦੇ ਅੰਮ੍ਰਿਤ ਦੀ ਖੁਮਾਰੀ ਵਿੱਚ ਲੀਨ ਵਿਅਕਤੀ ਵਿਸਮਾਦ ਦੇ ਸਮੁੰਦਰ ਵਿੱਚ ਤਾਰੀਆਂ ਲਾਉਂਦਾ ਹੈ ਜੋ ਕਿ ਹਰ ਤਰ੍ਹਾਂ ਦਾ ਕਾਮ ਕਰੋਧ, ਲੋਭ, ਮੋਹ ਅਤੇ ਹੰਕਾਰ ਦੇ ਪ੍ਰਭਾਵ ਤੋਂ ਮੁਕਤ ਹੁੰਦਾ ਹੈ । ਉਹ ਸੰਸਾਰਕ ਖਾਹਿਸ਼ਾਂ ਅਤੇ ਸਵਾਰਥ ਉਦੇਸ਼ਾਂ ਤੋਂ ਮੁਕਤ ਇਕ ਵੱਖਰੇ ਪਵਿੱਤਰ ਸੰਸਾਰ ਵਿੱਚ ਵਿੱਚਰਦਾ ਹੈ ।

ਰੱਬ ਪ੍ਰੇਮ ਹੈ-ਪ੍ਰੇਮ ਰੱਬ ਹੈ । ਇਲਾਹੀ ਪਿਆਰ ਉਨਾਂ ਹੀ ਪਵਿੱਤਰ ਅਤੇ ਅਸੀਮਤ ਹੈ ਜਿੰਨਾਂ ਕਿ ਰੱਬ । ਸੰਸਾਰੀਪਣ ਪਿਆਰ ਦੀ ਪਵਿੱਤਰਤਾ ਨੂੰ ਨਸ਼ਟ ਕਰਦਾ ਹੈ ਇਸੇ ਕਰਕੇ ਹੀ ਇਕ ਪ੍ਰਭੂ ਪ੍ਰੇਮੀ ਨੂੰ ਇਹ ਛੁਹ ਨਹੀਂ ਸਕਦਾ।

ਪਰਮਾਤਮਾ ਦੇ ਪਿਆਰ ਦੇ ਰੰਗ ਵਿੱਚ ਦੀਵਾਨੇ ਹੋਣ ਵਾਲੇ ਬਹੁਤ ਘੱਟ ਇਨਸਾਨ ਹਨ । ਪਰਮਾਤਮਾ ਦੇ ਪ੍ਰੇਮ-ਰਸ ਵਿੱਚ ਰੰਗਿਆ ਹੋਇਆ ਇਕ ਸੱਚਾ ਪ੍ਰੇਮੀ ਇੱਕੋ ਹੀ ਸਮੇਂ “ਹਉਮੈ” ਦੇ ਪਿਆਰ ਅਤੇ ਸੰਸਾਰ ਦੇ ਤੌਰ ਤਰੀਕਿਆਂ ਵਿੱਚ ਲੀਨ ਨਹੀਂ ਹੋ ਸਕਦਾ । ਉਸਨੂੰ ਆਪਾ ਪਿਆਰਾ ਨਹੀਂ ਹੁੰਦਾ ਅਤੇ ਨਾ ਹੀ ਉਹ ਲੋਕ-ਲਾਜ ਦੀ ਪਰਵਾਹ ਕਰਦਾ ਹੈ ।

ਆਉ ਅਸੀਂ ਸਾਰੇ ਸੰਸਾਰੀ ਪ੍ਰਵਿਰਤੀਆਂ ਵਾਲੇ ਵਿਅਕਤੀਆਂ ਨਾਲੋਂ ਨਾਤਾ ਤੋੜ ਲਈਏ ਅਤੇ ਆਪਣੇ ਪਿਆਰੇ ਸਤਿਗੁਰੂ ਤੋਂ ਸੱਚੀ ਭਗਤੀ ਦੇ ਇਕ ਕਿਣਕੇ ਨੂੰ ਪ੍ਰਾਪਤ ਕਰਨ ਲਈ ਪ੍ਰਾਥਨਾ ਕਰਦੇ ਹੋਏ ਇਸ ਦੀ ਭੀਖ ਮੰਗੀਏ ।

ਸੱਚਾ ਪ੍ਰੇਮ ਸੰਪੂਰਨਤਾ ਦੀ ਸਭ ਤੋਂ ਉੱਚੀ ਅਵਸਥਾ ਹੈ।