ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਕਦੀ ਪਿੱਠ ਨਹੀਂ ਕੀਤੀ

Humbly request you to share with all you know on the planet!

ਬਾਬਾ ਨੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁੱਧ ਪਿਆਰ ਦਾ ਅਸਲੀ ਰੂਪ ਅਤੇ ਸੱਚਾ ਪ੍ਰਗਟਾਵਾ ਸਨ। ਬਾਬਾ ਜੀ ਦੇ ਜੀਵਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਿਆਰ ਸਭ ਤੋਂ ਵੱਡੀ ਚੀਜ ਤੇ ਸਭ ਤੋਂ ਵੱਡੀ ਪ੍ਰੇਰਨਾ ਦਾ ਸੋਮਾ ਸੀ। ਇਸ ਸੰਸਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਸਤਿਕਾਰ, ਪਿਆਰ ਅਤੇ ਪੂਜਾ ਪਹਿਲਾਂ ਨਹੀਂ ਵੇਖੀ ਗਈ ਸੀ। ਨਿਮਰਤਾ ਦੇ ਪੁੰਜ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਪਣੇ ਜੀਵਨ ਵਿੱਚ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਨਹੀਂ ਕੀਤੀ ਸੀ। ਇਸ ਤੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਮਹਾਨ ਜੀਵਨ ਦੀ ਪਵਿੱਤਰ ਯਾਦ ਆਉਂਦੀ ਹੈ ਜਿਨ੍ਹਾਂ ਨੇ ਸਰੀਰਕ ਤੌਰ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਵੱਲ ਕਦੇ ਪਿੱਠ ਨਹੀਂ ਕੀਤੀ ਸੀ।

ਬਾਬਾ ਜੀ ਲਈ ਸ੍ਰੀ ਗੁਰੂ ਨਾਨਕ ਸਾਹਿਬ ਖ਼ੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਤੱਖ ਹਰਿ ਨਿਰੰਕਾਰ ਸਰੂਪ ਸਨ। ਆਪਣੇ ਪਿਆਰੇ ਪ੍ਰਭੂ-ਪ੍ਰੀਤਮ ਦੀ ਹਜ਼ੂਰੀ ਵਿੱਚ ਇਹ ਪਰਮ ਪਿਆਰੇ ੇਦਰਵੇਸ਼ ਉਨ੍ਹਾਂ ਵੱਲ ਕਿਵੇਂ ਪਿੱਠ ਕਰ ਸਕਦੇ ਸਨ। ਜਿਨ੍ਹਾਂ ਨੂੰ ਮਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤਮਾਨ ਜ਼ਾਹਰਾ ਜ਼ਹੂਰ ਗੁਰੂ ਨਾਨਕ ਸਾਹਿਬ ਦਾ ਗਿਆਨ ਨਹੀਂ ਉਹ ਇਸ ਭਗਤੀ ਦੇ ਮਹਾਨ ਰਸ ਦੀ ਪ੍ਰਾਪਤੀ ਕਿਵੇਂ ਕਰ ਸਕਦੇ ਹਨ।

ਹਰਿ ਮਨਿ ਤਨਿ ਵਸਿਆ ਸੋਈ॥
ਜੈ ਜੈ ਕਾਰੁ ਕਰੇ ਸਭੁ ਕੋਈ॥

ਬਾਬਾ ਨੰਦ ਸਿੰਘ ਜੀ ਮਹਾਰਾਜ ਪੂਰਨ ਤੌਰ ਤੇ ਗੁਰੂ-ਲਿਵ ਵਿੱਚ ਰਹਿੰਦੇ ਸਨ।

ਉਨ੍ਹਾਂ ਦੀ ਸੁਰਤ ਸਦਾ ਸ੍ਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਸੀ। ਉਨ੍ਹਾਂ ਦਾ ਰੋਮ ਰੋਮ ਸ੍ਰੀ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਜਾਪ ਕਰਦਾ ਸੀ।

ਉਹ ਆਪਣੇ ਪਿਆਰੇ ਪ੍ਰਭੂ ਪ੍ਰੀਤਮ ਨੂੰ ਕਿਵੇਂ ਭੁਲ ਸਕਦੇ ਸਨ ਅਤੇ ਕਿਵੇਂ ਸ੍ਰੀ ਗੁਰੂ ਗ੍ਰੰਥ ਜੀ ਵੱਲ ਪਿੱਠ ਕਰ ਸਕਦੇ ਸਨ।