ਰੱਬੀ ਮੋਨ

ਬਾਬਾ ਜੀ ਦਾ ਮੋਨ ਰਮਜ਼ਮਈ ਹੁੰਦਾ ਸੀ। ਇਹ ਰੂਹਾਨੀ ਕੂਕ ਹੁੰਦੀ ਸੀ। ਇਸ ਨਾਲ ਜੁੱਗਾਂ ਜੁੱਗਾਂ ਦੇ ਰੂਹਾਨੀ ਪੜਦੇ ਖੁਲ੍ਹਦੇ ਸਨ। ਹਰੇਕ ਮਹਾਨ ਸਲੋਕ ਦਾ ਅਨੁਵਾਦ ਅਮਲ ਵਿੱਚ ਕਰਨ ਦੀ ਉਦਾਹਰਣ ਕੇਵਲ ਬਾਬਾ ਜੀ ਹੀ ਸਨ। ਉਨ੍ਹਾਂ ਦਾ ਰੱਬੀ ਮੋਨ ਇਕ ਗਰਜ ਸੀ, ਜੋ ਹੰਕਾਰ ਨੂੰ ਜੜੋਂ ਪੁੱਟ ਦਿੰਦਾ ਸੀ। ਮੋਨ ਅਵਸਥਾ ਰਾਹੀਂ ਹੰਕਾਰ ਤਿਆਗ ਕੇ ਪ੍ਰਭੂ ਪ੍ਰਾਪਤੀ ਲਈ ਸਿਖਿਆ ਦੇਣ ਖਾਤਰ ਉਨ੍ਹਾਂ ਨੇ ਆਪਣੀ ਪਾਵਨ ਸਫੈਦ ਦਾੜ੍ਹੇ ਨਾਲ ਸਤਿ ਮਾਰਗ ਦੇ ਇਕ ਪਾਂਧੀ ਦੇ ਜੌੜੇ ਸਾਫ ਕੀਤੇ ਸਨ, ਸਿਰਫ਼ ਇਹ ਸਮਝਾਉਂਣ ਦੀ ਖਾਤਰ ਕਿ;

“ਰੱਬ ਮਿਲਦਾ ਗਰੀਬੀ ਦਾਅਵੇ ਦੁਨੀਆਂ ਮਾਣ ਕਰਦੀ।”

ਇਹ ਉਸ ਵਕਤ ਦੀ ਗੱਲ ਹੈ ਜਿਸ ਵਕਤ ਇਕ ਰਿਸ਼ੀ ਨੇ ਆਪਣੀ ਸਾਰੀ ਉਮਰ ਤਪੱਸਿਆ ਵਿੱਚ ਗੁਜ਼ਾਰ ਦਿੱਤੀ ਸੀ, ਪਰ ਪਰਾਪਤੀ ਨਾ ਹੋਣ ਕਰਕੇ ਉਸਨੇ ਰੱਬ ਨੂੰ ਗਿਲਾ ਕੀਤਾ ਸੀ। ਇਕ ਰੱਬੀ ਆਵਾਜ਼ ਦੇ ਆਦੇਸ਼ ਅਨੁਸਾਰ ਉਹ ਬਾਬਾ ਜੀ ਦੇ ਪਵਿੱਤਰ ਭੋਰੇ ਤੇ ਪਹੁੰਚ ਗਿਆ ਜਿੱਥੇ ਬਾਬਾ ਜੀ ਤਪੱਸਿਆ ਕਰ ਰਹੇ ਹਨ। ਬਾਬਾ ਜੀ 24 ਘੰਟਿਆਂ ਵਿੱਚੋਂ ਕੁਝ ਮਿੰਟਾਂ ਵਾਸਤੇ ਹੀ ਭੋਰੇ ਤੋਂ ਬਾਹਰ ਆਉਂਦੇ ਹੁੰਦੇ ਸਨ। ਜਿਸ ਵਕਤ ਬਾਬਾ ਜੀ ਭੋਰੇ ਤੋਂ ਬਾਹਰ ਆਏ ਤਾਂ ਥੋੜ੍ਹੀ ਦੂਰ ਖੜ੍ਹੇ ਰਿਸ਼ੀ ਨੇ ਨਮਸਕਾਰ ਕੀਤੀ ਤੇ ਬੇਨਤੀ ਕੀਤੀ ਕਿ ਉਹ ਕਿਸੇ ਇਲਾਹੀ ਹੁਕਮ ਵਿੱਚ ਉਨ੍ਹਾਂ ਪਾਸ ਹਾਜ਼ਰ ਹੋਇਆ ਹੈ ਅਤੇ ਪਰਾਪਤੀ ਨਾ ਹੋਣ ਦਾ ਕਾਰਨ ਜਾਣਨਾ ਚਾਹੁੰਦਾ ਹੈ। ਬਾਬਾ ਜੀ ਬੋਲੇ ਨਹੀਂ - ਜਿੱਥੇ ਉਸਨੇ ਆਪਣੇ ਜੋੜੇ ਉਤਾਰ ਕੇ ਰੱਖੇ ਹੋਏ ਸੀ, ਉੱਥੇ ਗਏੇ ਤੇ ਉਸਦੇ ਜੋੜਿਆਂ ਨੂੰ ਆਪਣੇ ਪਾਵਨ ਦਾਹੜੇ ਨਾਲ ਸਾਫ਼ ਕਰਕੇ ਵਾਪਸ ਭੋਰੇ ਵਿੱਚ ਚਲੇ ਗਏ। ਇਹ ਦੇਖ ਕੇ ਉਸ ਰਿਸ਼ੀ ਦੀਆਂ ਭੁੱਬਾਂ ਨਿਕਲ ਗਈਆਂ ਤੇ ਉਸਨੂੰ ਪਰਾਪਤੀ ਬਾਰੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੀ ਜੁਗਤੀ ਸਮਝ ਪੈ ਗਈ।

ਗੁਰੂ ਨਾਨਕ ਜੀ ਦੇ ਦਰ ਤੋਂ ਮਿਲਦੀ ਦਾਤ ਗਰੀਬੀ ਦੀ”

ਉਨ੍ਹਾਂ ਨੇ ਇਸ ਨਿਮਰ ਚੁੱਪ ਰਾਹੀਂ ਰਿਸ਼ੀ ਨੂੰ ਸੱਚੇ ਤਿਆਗ਼ ਅਤੇ ਵੈਰਾਗ ਦੀ ਸਿਖਿਆ ਦਿੱਤੀ ਸੀ। ਉਨ੍ਹਾਂ ਦੀ ਰੱਬੀ ਖਾਮੋਸ਼ੀ ਆਤਮਕ ਚਾਨਣ ਦੀ ਅਭਿਲਾਸ਼ਾ ਰੱਖਣ ਵਾਲਿਆਂ ਦੀਆਂ ਹਨੇਰੇ ਵਿੱਚ ਭਟਕਦੀਆਂ ਰੂਹਾਂ ਲਈ ਰੱਬੀ ਧਰਵਾਸ ਸੀ। ਉਨ੍ਹਾਂ ਦਾ ਮੋਨ ਰੂਹਾਨੀ ਵਿਸਮਾਦ, ਰੂਹਾਨੀ ਕ੍ਰਿਸ਼ਮਾ ਅਤੇ ਰੂਹਾਨੀ ਚਮਤਕਾਰ ਹੁੰਦਾ ਸੀ।

ਬਾਬਾ ਜੀ ਆਪਣੇ ਸਰਲ ਅਤੇ ਨਿਮਰ ਸੁਭਾਅ ਕਰਕੇ, ਮੋਨ ਰਾਹੀਂ ਸਾਰੇ ਪ੍ਰਸ਼ਨਾਂ ਦਾ ਉਤਰ ਅਮਲੀ ਰੂਪ ਵਿੱਚ ਦਿੱਤਾ ਕਰਦੇ ਸਨ। ਉਨ੍ਹਾਂ ਦੀ ਅਨੋਖੀ-ਚੁੱਪ ਪਰਮ ਸਤਿ ਦਾ ਕਿਆ ਖ਼ੂਬ ਪੈਗ਼ਾਮ ਦਿੰਦੀ ਸੀ।